ਸੁਨਾਮ (ਰਮੇਸ਼ ਗਰਗ ) : ਰਾਜਯੋਗਿਨੀ ਦਾਦੀ ਪ੍ਰਕਾਸ਼ਮਣੀ ਜੀ ਦੀ 18ਵੀਂ ਪੁਣਯਤਿਥੀ ਅਤੇ ਵਿਸ਼ਵ ਭਰਾਤ੍ਰਿਤਵ ਦਿਵਸ ਦੇ ਮੌਕੇ ਸੁਨਾਮ ਬ੍ਰਹਮਾਕੁਮਾਰੀਜ਼ ਕੇਂਦਰ ਵੱਲੋਂ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਬੀ.ਕੇ. ਮੀਰਾ ਦੀਦੀ ਦੀ ਅਗਵਾਈ ਹੇਠ ਰੋਟਰੀ ਕਲੱਬ ਸੁਨਾਮ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਸਾਂਝੇ ਉਪਰਾਲੇ ਹੇਠ ਲਗਾਇਆ ਗਿਆ।
ਦਾਦੀ ਪ੍ਰਕਾਸ਼ਮਣੀ ਜੀ (1919–2007) ਬ੍ਰਹਮਾਕੁਮਾਰੀਜ਼ ਸੰਸਥਾ ਦੀ ਮੁਖ ਰਾਜਯੋਗਿਨੀ ਰਹੀ ਅਤੇ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ "ਸ਼ਾਂਤੀਦੂਤ" ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਜੀਵਨ ਅਤੇ ਵਿਅਕਤਿਤਵ ਬਾਰੇ ਪ੍ਰੇਰਣਾਦਾਇਕ ਪ੍ਰਸੰਗ ਸਾਂਝੇ ਕਰਦੇ ਹੋਏ ਕੇਂਦਰ ਸਾਂਚਾਲਿਕਾ ਬੀ.ਕੇ. ਮੀਰਾ ਦੀਦੀ ਨੇ ਦੱਸਿਆ ਕਿ ਦਾਦੀ ਪ੍ਰਕਾਸ਼ਮਣੀ ਜੀ ਸ਼ਾਂਤਮਈ ਸੁਭਾਵ ਵਾਲੀਆਂ, ਨੇਤ੍ਰਤਵ ਸਮਰੱਥਾ ਨਾਲ ਭਰਪੂਰ, ਨਿਮਰਤਾ ਅਤੇ ਸਹਿਜਤਾ ਦੀ ਮੂਰਤ ਸਨ। ਕਿਸੇ ਵੀ ਤਰ੍ਹਾਂ ਦੀ ਪਰਿਸਥਿਤੀ ਹੋਵੇ, ਉਹ ਧੀਰਜ ਅਤੇ ਸੰਤੁਲਨ ਨਾਲ ਸਾਹਮਣਾ ਕਰਦੇ ਸਨ। ਪਿਆਰ, ਸਨੇਹ ਤੇ ਮਾਤ੍ਰੀ ਪ੍ਰੇਮ ਨਾਲ ਭਰਪੂਰ, ਉਹ ਸਦਾ ਤਿਆਗ, ਸੇਵਾ ਅਤੇ ਮਨੁੱਖਤਾ ਦੇ ਕਲਿਆਣ ਨੂੰ ਸਮਰਪਿਤ ਰਹੇ।
ਉਨ੍ਹਾਂ ਦੀ ਆਧਿਆਤਮਿਕ ਦ੍ਰਿਸ਼ਟੀ, ਪ੍ਰੇਰਣਾਦਾਇਕ ਵਾਣੀ, ਅਨੁਸ਼ਾਸਨ ਪ੍ਰਿਯਤਾ ਅਤੇ ਵਿਸ਼ਵ ਭਰਾਤ੍ਰਿਤਵ ਦੀ ਭਾਵਨਾ ਹੀ ਉਹ ਗੁਣ ਸਨ ਜਿਨ੍ਹਾਂ ਨਾਲ ਉਨ੍ਹਾਂ ਨੇ ਵਿਸ਼ਵ ਨੂੰ ਇੱਕ ਪਰਿਵਾਰ ਮੰਨਦੇ ਹੋਏ ਸਭ ਨਾਲ ਸਮਾਨਤਾ ਅਤੇ ਭਰਾਵਾਂ ਦਾ ਸੰਦੇਸ਼ ਦਿੱਤਾ।
ਇਸ ਮੌਕੇ ਵਿਸ਼ੇਸ਼ ਅਤਿਥੀਆਂ ਵਜੋਂ ਦਵਿੰਦਰ ਅਤਰੀ (ਐਸਪੀ ਸੰਗਰੂਰ), ਪ੍ਰਮੋਦ ਸਿੰਗਲਾ (ਐਸ.ਡੀ.ਐਮ. ਸੁਨਾਮ), ਪ੍ਰਤੀਕ ਜਿੰਦਲ (ਐਸ.ਐਚ.ਓ. ਸੁਨਾਮ), ਸ਼ਿਵ ਆਰਿਆ (ਐਮ.ਡੀ., ਕੈਂਬਰਿਜ ਇੰਟਰਨੈਸ਼ਨਲ ਸਕੂਲ), ਮੰਜੂ ਗਾਮਾ, ਪੱਲਵੀ (ਬਲੱਡ ਬੈਂਕ ਇੰਚਾਰਜ) ਅਤੇ ਬੀ.ਕੇ. ਦੀਪਕ ਭਾਈ ਖਾਸ ਤੌਰ 'ਤੇ ਹਾਜ਼ਰ ਰਹੇ।